
ਦਰਖ਼ਤਾਂ ਨੂੰ ਛਾਂਗ ਕੇ
ਬਹਾਰਾਂ ਦੀ ਭਾਜੀ ਮੋੜਨਾ
ਕਾਲ਼ੀ-ਬੋਲ਼ੀ ਰਾਤ ਦਾ
ਲਿਸ਼ਕਦੀ ਦੁਪਹਿਰ ਨੂੰ
ਸਿਆਹੀਆਂ ‘ਚ ਵਲ੍ਹੇਟਣਾਂ
‘ਕੱਲੀ-ਕਹਿਰੀ ਚਿੜੀ ਦਾ
ਮੀਸਣੇਂ ਬਾਜਾਂ ਤੋਂ ਅੱਖ ਬਚਾ
ਬੋਚ-ਬੋਚ ਪੱਬ ਧਰਨਾ
ਰੇਤੇ ਦੇ ਘਰਾਂ ਦਾ
‘ਵਾ-ਵਰੋਲਿਆਂ ‘ਚ
ਖੇਰੂੰ-ਖੇਰੂੰ ਹੋਣਾਂ
ਬੇ-ਗੁਰੇ ਮਿੱਤਰਾਂ ਦਾ
ਤਿੱਤਰਾਂ ਨਾਲ਼ ਕੀਤੇ
ਕਰਾਰਾਂ ਤੋਂ ਮੁਕਰਨਾ
ਸਰਹੱਦ ਦੇ ਅੰਦਰਵਾਰ ਵੀ
ਜੰਗ ਜਾਰੀ ਹੈ
ਪੱਤਝੜ ਦੀ
ਬਹਾਰਾਂ ਨਾਲ਼
ਰਾਤਾਂ ਦੀ
ਦੁਪਹਿਰਾਂ ਨਾਲ਼
ਚਿੜੀਆਂ ਦੀ
ਬਾਜਾਂ ਨਾਲ਼
ਘਰੋਂਦਿਆਂ ਦੀ
ਵਰੋਲ਼ਿਆਂ ਨਾਲ਼
‘ਤੇ ਮੇਰੀ
ਮੇਰੇ ਨਾਲ਼