Monday, April 13, 2009

Save The Girl Child

ਚਿੜੀਆਂ ਦਾ ਸਿਰਨਾਵਾਂ
ਨਾਂ ਧੀਆਂ ਹੋਂਣ ਪਰਦੇਸਣਾਂ
ਨਾਂ ਮਾਵਾਂ ਨੇ ਹਉਂਕੇ ਭਰਨੇ
ਨਾਂ ਬਾਬਲ ਦਾ ਤੁਰਲਾ ਨੀਂਵਾਂ
ਨਾਂ ਵੀਰਾਂ ਨੇ ਕਾਰਜ ਕਰਨੇ
ਸਭ ਸਾਕ ਸਕੀਰੀਆਂ ‘ਚੋਂ
ਅਸੀਂ ਮੁੱਕਦੀਆਂ ਮੁੱਕਦੀਆਂ
ਮੁੱਕ ਜਾਣਾਂ
ਲੱਭਣਾਂ ਨਹੀਂ ਸਾਡਾ
ਚਿੜੀਆਂ ਦਾ ਸਿਰਨਾਵਾਂ

ਜੰਮਦਿਆਂ ਹੀ ਅਮੜੀ ਨੇ
ਸਾਡਾ ਸੂਰਜ ਖੋਹ ਲੈਣੈਂ
ਬੇ-ਰੁਖੇ ਸਾਡੇ ਬਾਬਲ ਨੇ
ਸਾਥੋਂ ਚੰਦ ਲੁਕੋ ਲੈਣੈਂ
ਚਾਨਣ ਦੀ ਘੁੱਟ ਭਰਨ ਤੋਂ
ਅਸੀਂ ਉੱਕਦੀਆਂ ਉੱਕਦੀਆਂ
ਉੱਕ ਜਾਣਾਂ
ਲੱਭਣਾਂ ਨਹੀਂ ਸਾਡਾ
ਚਿੜੀਆਂ ਦਾ ਸਿਰਨਾਵਾਂ

ਬੱਚਕਾਨੀ ਰੁੱਤ ‘ਚ ਹਮਜਾਇਆਂ
ਸਾਡੀ ਰੱਖਣੀਂ ਆਸ ਅਧੂਰੀ
ਕਾਣੀਂ ਵੰਡ ਸਾਡੇ ਹਿੱਸੇ ਆਉਣੀ
ਖੌਰੇ ਕੀ ਹੋਉ ਮਜਬੂਰੀ
ਬੇ-ਗ਼ੈਰਤ ਜਿਹੇ ਰਿਸ਼ਤਿਆਂ ਉਹਲੇ
ਅਸੀਂ ਲੁਕਦੀਆਂ ਲੁਕਦੀਆਂ
ਲੁਕ ਜਾਣਾ
ਲੱਭਣਾਂ ਨਹੀਂ ਸਾਡਾ
ਚਿੜੀਆਂ ਦਾ ਸਿਰਨਾਵਾਂ

ਮੋਹ ਸਾਡੇ ਨਾਲ ਵੀ ਪਾ ਕੇ
ਸਾਨੂੰ ਵੀ ਲਾਡ ਲੜਾ ਅੰਮੀਏਂ
ਹਰ ਚੀਸ ਤੇਰੀ ਵੰਡਾ ਲੈਣੀਂ
ਭਾਵੇਂ ਪੀੜਾਂ ਝੋਲੀ ਪਾ ਅੰਮੀਏਂ
ਤੁਰ ਨਹੀਂ ਸਕਣਾਂ ਰਸਮਾਂ ਸੰਗ
ਅਸੀਂ ਰੁਕਦੀਆਂ ਰੁਕਦੀਆਂ
ਰੁਕ ਜਾਣਾਂ
ਲੱਭਣਾਂ ਨਹੀਂ ਸਾਡਾ
ਚਿੜੀਆਂ ਦਾ ਸਿਰਨਾਵਾਂ
(ਅਣਜੰਮੀਆਂ ਧੀਆਂ ਦੇ ਨਾਂ)
ਕਵਿਤਾਵਾਂ ਪੜ੍ਹਨ ਲਈ ਤਸਵੀਰਾਂ ਤੇ ਕਲਿਕ ਕਰੋ - ਧੰਨਵਾਦ